Showing posts with label ਨਜ਼ਮ ਦਾ ਰਿਸ਼ਤਾ. Show all posts
Showing posts with label ਨਜ਼ਮ ਦਾ ਰਿਸ਼ਤਾ. Show all posts

ਨਜ਼ਮ ਦਾ ਰਿਸ਼ਤਾ

ਕਲ ਮੇਰੀ ਨਜ਼ਮ ਨੂੰ ਵੇਖਣ ਵਾਲੇ ਆਏ ਸਨ।
ਪਤਾ ਨਹੀਂ ਕਦੋਂ ਮੁਟਿਆਰ ਹੋ ਗਈ
ਨਜ਼ਮਾਂ ਜਵਾਨ ਹੁੰਦੀਆਂ ਨੇ
ਤੇ ਜਗ ਨੂੰ ਪਹਿਲਾਂ ਪਤਾ ਲਗਦਾ ਹੈ
ਮੈਂ ਤਾਂ ਉਸ ਨੂੰ ਇਮਲੀ ਖਾਂਦੇ ਵੀ ਨਹੀਂ ਵੇਖਿਆ ।
ਉਹ ਪਿਆਰੀ ਜਿਹੀ ਫੁੱਲਾਂ ਵਾਲੀ ਫ਼ਰਾਕ ਪਾਈ
ਤਿਤਲੀਆਂ ਵਾਂਗ ਉੱਡੀ ਫਿਰਦੀ ਇਕ ਵਾਰੀ ਵੇਖੀ ਸੀ।
ਕਦੋਂ ਉਹ ਕਿਕਲੀਆਂ ਪਾਉਂਦੀ ,
ਪੀਂਘਾਂ ਝੂਟਦੀ ,ਗੁਡੀਆਂ ਪਟੋਲਿਆਂ ਨਾਲ ਖੇਡਦੀ ਰਹੀ
ਮੈਨੂੰ ਤਾਂ ਕੋਈ ਚਿਤ ਚੇਤਾ ਵੀ ਨਹੀਂ ਹੈ
ਕੋਠੇ ਜਿੱਡੀ ਨਜ਼ਮ ਕੋਈ ਕਦੋਂ ਤਕ ਘਰੇ ਬਿਠਾਈ ਰੱਖੇ
ਕੁਝ ਦਿਨਾਂ ਵਿਚ ਇਹ ਨਜ਼ਮ ਵੀ ਪਰਾਈ ਹੋ ਜਾਵੇਗੀ ।
ਨਜ਼ਮਾਂ ਜਿੰਨੀ ਜਲਦੀ ਜਵਾਨ ਹੁੰਦੀਆਂ ਨੇ
ਉਨੀ ਜਲਦੀ ਘਰੋਂ ਤੋਰਨੀਆਂ ਸੌਖੀਆਂ ਨਹੀਂ ਹੁੰਦੀਆਂ

****