ਅਜੂਨੀ !
ਤੂੰ ਕਦੀ ਹਵਾਵਾਂ ਨੂੰ ਚੁੰਮਣ ਕਰਦੇ ਵੇਖਿਆ ਹੈ ?
ਮੈਂ ਵੇਖ਼ਿਆ ਹੈ ।
ਜ਼ਰਦ ਮੌਸਮ ਵਿਚ ਜਦੋਂ ਇਕ ਦਿਨ
ਰੁੱਖਾਂ ਦਿਆਂ ਟਾਹਣੀਆਂ ਕੋਸੀ ਧੁਪ ਵਿਚ ਸੁਸਤਾਂ ਰਹੀਆਂ
ਸਨ ਨਾ,
ਉਦੋਂ ਹਿਲਦੇ ਹੋਏ ਪੱਤਿਆਂ ਦੇ ਉਹਲੇ
ਮੈਂ ਹਵਾਵਾਂ ਨੂੰ ਚੁੱਪਚਾਪ ਚੁੰਮਣ ਕਰਦੇ ਵੇਖਿਆ ਸੀ।
ਅਜੂਨੀ !
ਯਾਦ ਹੈ ਨਿੱਕੇ ਹੁੰਦੇ, ਇਕ ਵਾਰੀ
ਮੇਰੇ ਬੁਲ੍ਹ ਤੇਰੇ ਬੁਲ੍ਹਾਂ ਨੂੰ ਛੁਹ ਗਏ ਸਨ।
ਤੂੰ ਕਿਵੇਂ ਸੰਗ ਕੇ ਗੁਲਾਬੀ ਹੱਥ ਆਪਣੇ ਮੂੰਹ ਤੇ ਰਖ
ਲਏ ਸਨ?
ਕਿੰਨਾ ਵਕਤ ਬੀਤ ਗਿਆ ਹੈ ।
ਇਸ ਬ੍ਰਹਮੰਡ ਵਿਚ ਘੁੰਮਦੇ ਹੋਏ ਆਪਾਂ ,
ਸੈਂਕੜੇ ਸਾਲਾਂ ਬਾਅਦ ਅੱਜ ਫਿਰ ਉਸੇ ਜਗਹਾਂ ਤੇ ਮਿਲੇ
ਹਾਂ।
ਪਰ ਤੂੰ ਅੱਜ ਵੀ ਸ਼ਰਮ ਦੀ ਕੈਦ ਵਿਚ ਹੈਂ ,
ਤੇ ਮੈਨੂੰ ਵੀ ਵਕਤ ਦਿਆਂ ਬੇੜਿਆਂ ਨੇ ਜਕੜਿਆ ਹੋਇਆ ਹੈ
ਅਜੂਨੀ , ਆ ਆਪਾਂ ਦੋਵੇਂ ਹਵਾ ਬਣ ਜਾਂਦੇ ਹਾਂ।
ਜ਼ਰਦ ਮੌਸਮ ਵਿਚ ਜਦੋਂ ਇਕ ਦਿਨ ਰੁੱਖਾਂ ਦਿਆਂ ਟਾਹਣੀਆਂ
ਕੋਸੀ ਧੁਪ ਸੇਕ ਰਹੀਆਂ ਹੋਣ ਗਿਆਂ ਨਾ
ਉਦੋਂ ਹਿਲਦੇ ਹੋਏ ਪੱਤਿਆਂ ਦੇ ਉਹਲੇ ਮੈਂ ਤੇਰੇ
ਬੁਲ੍ਹਾਂ ਤੇ
ਹਲਕਾ ਜਿਹਾ ਚੁੰਮਣ ਕਰ ਦਿਆਂਗਾ।
ਅਜੂਨੀ , ਤੂੰ ਕਦੀ ਹਵਾਵਾਂ ਨੂੰ ਚੁੰਮਣ ਕਰਦੇ ਵੇਖਿਆ ਹੈ ?
****
No comments:
Post a Comment