ਓ ਦਰਦੀਆ

ਓ ਮੇਰੇ ਦਿਲ ਦੇ ਦਰਦੀਆ
ਬੇਸ਼ਕ ਮੈਨੂੰ ਆਪਣੀਆਂ ਬਾਹਵਾਂ ਵਿਚ ਨਾਂ ਭਰ
ਆਪਣੇ ਲਬਾਂ ਨੂੰ ਮੇਰੇ ਲਬਾਂ ਨਾਲ ਛੂਹ ਵੀ ਨਾਂ
ਮੇਰੇ ਤੋਂ ਦੂਰ ਰਹਿ ,ਮੇਰੀ ਆਵਾਜ਼ ਨੂੰ ਅਨਸੁਣੀ ਕਰ ਦੇ
ਫਰ ਮੇਰੇ ਪਿਆਰੇ ਕਦੀ ਸੁਫਨੇ ਵਿਚ ਹੀ ਸਹੀ
ਇਕ ਵਾਰੀ ਮੇਰੇ ਹੱਥਾਂ ਦੀਆਂ ਲਕੀਰਾਂ ‘ਤੇ
ਆਪਣਾ ਚਿਹਰਾ ਟਿਕਾ
ਤੇ ਮੇਰੇ ਸੀਨੇ ਨਾਲ ਲਗ ਕੇ
ਮੇਰੇ ਦੋ ਸਾਹਾਂ ਦੇ ਵਿਚਲੀ ਖਾਮੋਸ਼ੀ ਨੂੰ ਸੁਣ
ਬੱਸ ਇਕ ਵਾਰੀ
****

ਬਲੈਕ ਹੋਲ

ਇਹ ਸ਼ਾਇਦ ਪਹਿਲੇ ਵੀ ਕਈ ਵਾਰ ਹੋਇਆ ਕਿ
ਮਿਕਨਾਤੀਸ ਮੌਤ ਦਾ ਖਿੱਚ ਲੈ ਗਿਆ ਮੈਨੂੰ
ਬਲੈਕ ਹੋਲ ਦੇ ਉਸ ਪਾਰ।
ਹਾਂ,ਇਹ ਸ਼ਾਇਦ ਪਹਿਲੇ ਵੀ ਹੋਇਆ ਹੈ
ਕਿ ਗ਼ੁਲਦਾਨ ਜਿਸਮ ਦਾ ਛੂੰਹਦੇ ਹੀ ਜ਼ਮੀਨ ਨੂੰ ਟੁੱਟ ਗਿਆ
ਤੇ ਮੈਂ ਕੱਚ ਕੱਚ ਫ਼ੈਲਿਆ ਸੀ ਪੂਰੀ ਕਾਇਨਾਤ ਵਿਚ
ਫਿਰ ਕਦੀ ਇਹ ਵੀ ਹੋਇਆ ਕਿ
ਕੰਡਾ ਵਕਤ ਦਾ ਚੁਭਿਆ
ਤੇ ਇਹ ਦੇਹ ਦਾ ਗੁਬਾਰਾ ਫ਼ਟ ਗਿਆ।
ਪਹੁੰਚ ਕੇ ਨੜਿਨਵੇਂ ਤੇ ਹਰ ਵਾਰ,

ਵਕਤ

ਅੱਖ ਦੇ ਪੰਦਰਾਂ ਫ਼ੋਰਾਂ ਦਾ ਇਕ ਵਿਸਾ ਬਿਤਾਇਆ
ਪੰਦਰਾ ਵਿਸੁਏ ਜੋੜੇ ਤਾਂ ਇਕ ਚਸਾ ਲੰਘਾਇਆ
ਫ਼ਿਰ ਤੀਹ ਚਸੇ ਮਿਲੇ ਤਾਂ ਬਣਿਆ ਸੀ ਇਕ ਪਲ
ਇਕ ਇਕ ਪਲ ਗਿਣ ਸੱਠ ਪਲਾਂ ਦੀ ਘੜੀ ਬਨਾਈ
ਸਾਢੇ ਸੱਤ ਘੜੀਆਂ ਦੀ ਲੰਮੀ ਪਹਿਰ ਸੀ ਔਖ਼ੀ
ਅਠ ਪਹਿਰ ਮੈਂ ਸੱਜਨਾਂ ਤੁਦ ਬਿਨ ਇੰਜ ਲੰਘਾਈ

****

ਵਕਤ

ਥੱਕਦਾ ਹੀ ਨਹੀਂ!
ਬੈਠ ਕੇ ਦੋ ਘੜੀ ਸਾਹ ਵੀ ਨਹੀਂ ਲੈਂਦਾ
ਟਿਕ ਟਿਕ ਟਿਕ ਟਿਕ
ਵਕਤ ਦਾ ਪਰਿੰਦਾ ਹੈ ਪਰਦੇਸੀ ਜਿਹਾ।

****

ਅਜੂਨੀ

ਅਜੂਨੀ !
ਤੇਰੇ ਇਸ਼ਕ ਵਿਚ ਗੁਟ ਮੈਂ ਆਨੰਦ ਦੀਆਂ
ਗਲਿਆਂ ਵਿਚ ਘੁਮਦਾ ਹਾਂ
ਸੂਰਜ ਦੀਆਂ ਕਿਰਨਾਂ ਨੂੰ ਗਲਵਕੜੀ ਵਿਚ ਲੈ
ਹਵਾਵਾਂ ਨੂੰ ਚੁਮਦਾ ਹਾਂ
ਮੇਰੇ ਪਿਆਰੇ ਮੈਨੂੰ ਤੇਰੇ ਇਸ਼ਕ ਵਿਚ ਮਚ ਲੈਣ ਦੇ
ਤੇਰੇ ਮੁਹਬਤ ਦੇ ਸਾਜ ਉਤੇ
ਮੇਰਾ ਹਰ ਇਕ ਰੰਗ ਨਚ ਲੈਣ ਦੇ
****

ਅਜੂਨੀ

ਅਜੂਨੀ !
ਮੈਂ ਮਾਪ ਲਈ ਹੈ ਦੂਰੀ ।
ਨਜ਼ਮ ਦੇ ਸਾਰੇ ਅੱਖਰ ਖੋਹਲ ਕੇ
ਨਕਸ਼ੇ ਉਪਰ ਇਕ ਲਾਇਨ ਵਿਚ ਵਿਛਾ ਦਿਤੇ ਨੇ ।
ਜਿਥੇ ਤੂੰ ਹੈ, ਤੇ ਜਿਥੇ ਮੈਂ ਹਾਂ
ਬਸ ਤੇਰੇ ਤੇ ਮੇਰੇ ਵਿਚਕਾਰ
ਨਜ਼ਮ ਜਿਤਨਾ ਹੀ ਫ਼ਾਸਲਾ ਹੈ

****

ਅਜੂਨੀ

ਤੂੰ ਪੂਰਬ ਹੈ ਤੇ ਮੈਂ ਪੱਛਮ ਹਾਂ
ਉਂਜ ਸਾਡਾ ਮੇਲ ਤਾਂ ਸੰਭਵ ਨਹੀਂ ਹੈ ।
ਪਰ ਅਜੂਨੀ
ਦਿਨ ਵਿਚ ਇਕ ਵਾਰੀ ਤਾਂ
ਸੂਰਜ ਵੀ ਉਸ ਜਗ੍ਹਾ ਤੇ ਹੁੰਦਾ ਹੈ
ਜੋ ਨਾ ਪੂਰਵ ਵਿਚ ਹੈ ਤੇ ਨਾ ਪਸ਼ਿਚਮ ਵਿਚ
ਬਸ ਤੂੰ ਮੈਨੂੰ ਉਸ ਜਗ੍ਹਾ ਤੇ ਆ ਕੇ ਮਿਲੀ ।

****

ਅਜੂਨੀ

ਅਜੂਨੀ !
ਤੇਰੇ ਲਫਜ਼ ਮੇਰੇ ਅੰਦਰ ਇਸ ਤਰਾਂ ਸਮਾਉਂਦੇ ਨੇ
ਜਿਵੇਂ ਸਿੱਕਾ ਕੋਈ ਪਾਣੀ ਵਿਚ
ਡੁਬਕ ਡੁਬਕ ਕਰਦਾ ਹੋਇਆ ਤਲ ਨਾਲ ਜਾ ਲਗਦਾ ਹੈ
ਤੇਰੀ ਸ਼ੀਰੀਂ ਜ਼ੁਬਾਨ ਤੋ ਸ਼ਹਿਦੇ ਹੋਏ ਲਫ਼ਜ਼
ਇੰਜ ਸੁਣਦੇ ਨੇ ਜਿਵੇਂ ਪਤਝੜ ਵਿਚ
ਰੁਖ਼ਾਂ ਤੋਂ ਵੱਖ ਹੋਏ ਪੀਲੇ ਪੱਤੇ
ਲਹਿਰਾਉਂਦੇ ਹੋਏ ਧਰਤੀ ਤੇ ਆ ਟਿਕਦੇ ਨੇ ।
ਤੇਰੇ ਬੋਲਾਂ ਦੀ ਹਵਾ ਨੂੰ ਆਪਣੇ ਸੀਨੇ ਵਿਚ
ਭਰ ਕੇ ਸਾਹ ਲੈਂਦਾ ਹਾਂ
ਤੇ ਫਿਰ ਬਾਰਿਸ਼ ਦੀ ਪਹਿਲੀ ਬੂੰਦ ਨੂੰ
ਜਿਵੇਂ ਚਾਤ੍ਰਿਕ ਪੰਛੀ ਉਡੀਕਦਾ ਹੈ ਨਾਂ
ਇੰਜ ਮੈਂ ਤੈਨੂੰ ਰੋਜ਼ ਉਡੀਕਦਾ ਹਾਂ
****

ਅਜੂਨੀ


ਅਜੂਨੀ !
ਤੂੰ ਕਦੀ ਹਵਾਵਾਂ ਨੂੰ  ਚੁੰਮਣ ਕਰਦੇ ਵੇਖਿਆ ਹੈ ?
ਮੈਂ ਵੇਖ਼ਿਆ ਹੈ ।
ਜ਼ਰਦ ਮੌਸਮ ਵਿਚ ਜਦੋਂ ਇਕ ਦਿਨ
ਰੁੱਖਾਂ ਦਿਆਂ ਟਾਹਣੀਆਂ ਕੋਸੀ ਧੁਪ ਵਿਚ ਸੁਸਤਾਂ ਰਹੀਆਂ ਸਨ ਨਾ,
ਉਦੋਂ ਹਿਲਦੇ ਹੋਏ ਪੱਤਿਆਂ ਦੇ ਉਹਲੇ
ਮੈਂ ਹਵਾਵਾਂ ਨੂੰ ਚੁੱਪਚਾਪ ਚੁੰਮਣ ਕਰਦੇ ਵੇਖਿਆ ਸੀ।

ਅਜੂਨੀ

ਅਜੂਨੀ !
ਆਪਾਂ ਬਾਰਸ਼ ਦੇ ਪਾਣੀ ਤੇ ਤੈਰਦੇ ਹੋਏ
ਬਾਰਿਸ਼ ਦੇ ਬੁਲਬੁਲੇ ਹਾਂ ,
ਆ ਹੌਲ਼ੀ ਜਿਹੀ ਇਕ ਦੂਜੇ ਵਿਚ ਸਮਾ ਜਾਈਏ।
ਛੋਟੇ ਜਿਹੇ ਇਸ ਸਫ਼ਰ ਵਿਚ
ਇਸ਼ਕ-ਮੁਸ਼ਕ ਦਾ ਵਕਤ ਕਿੱਥੇ ਹੈ ਆਪਣੇ ਕੋਲ॥

****

ਚਿੱਠੀ

ਮੇਰੇ ਦੋਸਤ,
ਤੂੰ ਮੈਨੂੰ ਚਿੱਠੀ ਵਾਂਗ ਪੋਸਟ ਕੀਤਾ ਹੋਇਆ ਹੈ ।
ਲੈਟਰ ਬਕਸਾਂ ਵਿਚ ਪੈਂਦੇ ਨਿਕਲਦੇ
ਜਦੋਂ ਕਦੀ ਆਪਣੇ ਆਪ ਨੂੰ ਪਲਟ ਕੇ ਵੇਖਦੀ ਹੈ
ਦੋਹਾਂ ਪਾਸੇ ਤੇਰਾ ਹੀ ਪਤਾ ਮਿਲਦਾ ਹੈ।

ਤੇਰੀ ਚਿੱਠੀ ਹਾਂ।
ਆਖ਼ਰ ਇਕ ਦਿਨ ਤਾਂ
ਮੈਂ ਤੇਰੇ ਕੋਲ ਹੀ ਮੁੜ ਕੇ ਆਉਣਾ ਹੈ॥

ਮੇਰੇ ਦੋਸਤ,
ਤੂੰ ਮੈਨੂੰ ਚਿੱਠੀ ਵਾਂਗ ਪੋਸਟ ਕੀਤਾ ਹੋਇਆ ਹੈ ।

****

ਅੱਖ ਇੰਜ ਭਰ ਜਾਂਦੀ ਹੈ

ਤੇਰਾ ਨਾਂ ਲਬਾਂ ਤੇ ਆਉਂਦਿਆਂ ਹੀ
ਅੱਖ ਇੰਜ ਭਰ ਜਾਂਦੀ ਹੈ
ਜਿਵੇਂ ਲਹਿਰ ਕੋਈ ਚੁੱਪਚਾਪ
ਕਿਨਾਰੇ ਤੇ ਆ ਕੇ ਪੈਰਾਂ ਥਲੋਂ ਰੇਤ ਖੋਰ ਦੇਵੇ ।

ਜਿਵੇਂ ਗੁਆਚਾ ਹੋਇਆ ਪੰਛੀ ਕੋਈ
ਸੁੱਕੀ ਉਦਾਸ ਟਾਹਣੀ ਤੇ
ਸਾਹ ਲੈਣ ਲਈ ਬੈਠ ਗਿਆ ਹੋਵੇ।

ਜਿਵੇਂ ਕੋਈ ਟੁੱਟਦਾ ਤਾਰਾ
ਕੁਝ ਦੇਰ ਲਈ ਠਹਿਰ ਗਿਆ ਹੋਵੇ॥

****

ਸਿਫ਼ਰ

ਤੂੰ ਇਕ ਹੈਂ, ਇਹ ਸੱਚ ਹੈ।
ਮੈਂ ਸਿਫ਼ਰ ਹਾਂ ,ਇਹ ਵੀ ਪ੍ਰਤੱਖ ਹੈ।
ਪਰ ਤੂੰ ਜਦੋਂ ਨੌਂ ਤੇ ਆ ਕੇ ਰੁਕ ਜਾਏਂਗਾ ਨਾਂ,
ਤਾਂ ਮੈਂ ਹੌਲ਼ੀ ਜਿਹੀ ਤੇਰੇ ਨਾਲ ਆਨ ਖੜ੍ਹਾਂਗੀ
ਤੇ ਫ਼ਿਰ ਅਨੰਤ ਤਕ ਤੇਰੇ ਨਾਲ ਚੱਲਾਂਗੀ॥
ਤੂੰ ਇਕ ਹੈਂ, ਇਹ ਸੱਚ ਹੈ।
ਮੈਂ ਸਿਫ਼ਰ ਹਾਂ ,ਇਹ ਵੀ ਪ੍ਰਤੱਖ ਹੈ।

****

ਅਨਹਦ ਨਾਦ

ਅਨਹਦ ਨਾਦ ਦਿਲਾਂ ਦੇ ਗੂੰਜਣ
ਆਬ ਇਸ਼ਕ ਦੇ ਵਗਣ ਭਰੇ
ਮੈਂ ਦਿਲ ਸੱਜਣ ਚੋਰੀ ਕੀਤਾ
ਬਣ ਕੇ ਯਾਰ ਜੀ ਠੱਗਣ ਕਰੇ
ਦਿਲ ਦਿੱਤਾ ਤੈਨੂੰ ਜਾਨ ਵੀ ਦੇਸਾਂ
ਮੈਂ ਕਰਸਾਂ ਪੂਰੇ ਸ਼ਗਨ ਬਰੇ
ਇਸ਼ਕ ਪਿਆਲਾ ਗਟ ਗਟ ਪੀਤਾ
ਮੈਨੂੰ ਭੁੱਖ ਤ੍ਰੇਹ ਨਾਂ ਲਗਨ ਜਰੇ

****

ਨਜ਼ਮ ਦਾ ਰਿਸ਼ਤਾ

ਕਲ ਮੇਰੀ ਨਜ਼ਮ ਨੂੰ ਵੇਖਣ ਵਾਲੇ ਆਏ ਸਨ।
ਪਤਾ ਨਹੀਂ ਕਦੋਂ ਮੁਟਿਆਰ ਹੋ ਗਈ
ਨਜ਼ਮਾਂ ਜਵਾਨ ਹੁੰਦੀਆਂ ਨੇ
ਤੇ ਜਗ ਨੂੰ ਪਹਿਲਾਂ ਪਤਾ ਲਗਦਾ ਹੈ
ਮੈਂ ਤਾਂ ਉਸ ਨੂੰ ਇਮਲੀ ਖਾਂਦੇ ਵੀ ਨਹੀਂ ਵੇਖਿਆ ।
ਉਹ ਪਿਆਰੀ ਜਿਹੀ ਫੁੱਲਾਂ ਵਾਲੀ ਫ਼ਰਾਕ ਪਾਈ
ਤਿਤਲੀਆਂ ਵਾਂਗ ਉੱਡੀ ਫਿਰਦੀ ਇਕ ਵਾਰੀ ਵੇਖੀ ਸੀ।
ਕਦੋਂ ਉਹ ਕਿਕਲੀਆਂ ਪਾਉਂਦੀ ,
ਪੀਂਘਾਂ ਝੂਟਦੀ ,ਗੁਡੀਆਂ ਪਟੋਲਿਆਂ ਨਾਲ ਖੇਡਦੀ ਰਹੀ
ਮੈਨੂੰ ਤਾਂ ਕੋਈ ਚਿਤ ਚੇਤਾ ਵੀ ਨਹੀਂ ਹੈ
ਕੋਠੇ ਜਿੱਡੀ ਨਜ਼ਮ ਕੋਈ ਕਦੋਂ ਤਕ ਘਰੇ ਬਿਠਾਈ ਰੱਖੇ
ਕੁਝ ਦਿਨਾਂ ਵਿਚ ਇਹ ਨਜ਼ਮ ਵੀ ਪਰਾਈ ਹੋ ਜਾਵੇਗੀ ।
ਨਜ਼ਮਾਂ ਜਿੰਨੀ ਜਲਦੀ ਜਵਾਨ ਹੁੰਦੀਆਂ ਨੇ
ਉਨੀ ਜਲਦੀ ਘਰੋਂ ਤੋਰਨੀਆਂ ਸੌਖੀਆਂ ਨਹੀਂ ਹੁੰਦੀਆਂ

****

ਕੌਨ

ਅਜੂਨੀ ! ਉਹ ਪੁੱਛਣਗੇ
ਤੂੰ ਹਿੰਦੂ ਏਂ ਯਾ ਕਿ ਮੁਸਲਮਾਨ
ਸਿੱਖ ਹੈ ,ਈਸਾਈ ਹੈ ? ਕੋਣ ਹੈ ਤੂੰ
ਤੂੰ ਕਹੀਂ ਮੈਂ ਪਿਆਰ ਹਾਂ !
ਇਕ ਪਲ ਲਈ ਮੇਰੇ ਅੰਦਰ ਝਾਂਕ ਕੇ ਵੇਖੋ
ਚਾਰੇ ਕਿਤਾਬਾਂ ਕਿਵੇਂ ਸਜੀਆਂ ਹੋਈਆਂ ਨੇ ।

****

ਨਾਦ

ਇਸ ਫ਼ਾਨੀ ਦੁਨੀਆ ਵਿਚ ,ਮੇਰੇ ਦੋਸਤ
ਮੈਂ ਹਰ ਥਾਂ ਤੈਨੂੰ ਲੱਭਦਾ ਰਿਹਾ
ਕਿੰਨਾ ਬਦਕਿਸਮਤ ਸਾਂ ਮੈਂ
ਤੂੰ ਤਾਂ ਮੇਰੇ ਅੰਦਰ ਹੀ ਵਜਦਾ ਰਿਹਾ॥

****